ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪਰੀਤ ਸਿੰਘ ਜਿਸ ਦਿਨ ਤੋਂ ਆਪਣੇ ਅਹੁਦੇ ਤੇ ਬਿਰਾਜਮਾਨ ਹੋਏ ਹਨ ਉਸ ਦਿਨ ਤੋਂ ਹੀ ਪੰਥ ਲਈ ਕੁਝ ਚੰਗਾ ਸੋਚਣ ਵਾਲੀਆਂ ਸੰਗਤਾਂ ਨੂੰ ਇਹ ਉਮੀਦ ਜਗੀ ਸੀ ਕਿ ਉਹ ਆਪਣੇ ਤੋਂ ਪਹਿਲੇ ਜਥੇਦਾਰਾਂ ਵਾਂਗ ਪੱਖਪਾਤੀ ਨਹੀ ਬਣਨਗੇ, ਕਿਸੇ ਇੱਕ ਧੜੇ ਦੇ ਜਥੇਦਾਰ ਨਹੀ ਬਣਨਗੇ,ਆਪਣੇ ਫੈਸਲਿਆਂ ਅਤੇ ਵਿਚਾਰਾਂ ਵਿੱਚ ਕਿਸੇ ਖਾਸ ਧਿਰ ਦਾ ਪੱਖ ਨਹੀ ਲੈਣਗੇ ਅਤੇ ਕੌਮ ਬਿਪਰਨ ਕੀ ਰੀਤ ਦੀ ਜਿਸ ਚੁਣੌਤੀ ਦਾ ਸਾਹਮਣਾਂ ਕਰ ਰਹੀ ਹੈ, ਭਾਈ ਹਰਪਰੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਨੂੰ ਬਿਪਰਨ ਕੀ ਰੀਤ ਦਾ ਪਸਾਰਾ ਕਰ ਰਹੀਆਂ ਤਾਕਤਾਂ ਦੇ ਖਿਲਾਫ ਸੇਧਤ ਕਰਨਗੇ।

ਪਿਛਲੇ ਲਗਭਗ ਇੱਕ ਸਾਲ ਤੋਂ ਭਾਈ ਹਰਪਰੀਤ ਸਿੰਘ ਜੀ ਨੇ ਜੋ ਬਿਆਨ ਦਿੱਤੇ ਜਾਂ ਜਿਸ ਕਿਸਮ ਦੀਆਂ ਸਰਗਰਮੀਆਂ ਕੀਤੀਆਂ ਉਸ ਨੇ ਖਾਲਸਾ ਪੰਥ ਦੇ ਚੇਤੰਨ ਹਿੱਸੇ ਵਿੱਚ ਇੱਕ ਉਮੀਦ ਜਗਾਈ ਸੀ ਕਿ ਭਾਈ ਸਾਹਿਬ ਆਪਣੀ ਵਿਦਵਤਾ ਅਤੇ ਬੇਦਾਗ ਸ਼ਖਸ਼ੀ ਰਹਿਣੀ ਕਾਰਨ ਹੋ ਸਕਦਾ ਹੈ ਪੰਥ ਦੇ ਭਲੇ ਲਈ ਕੌਮੀ ਜਾਗਰਤੀ ਦੀ ਮੁਹਿੰਮ ਚਲਾ ਲੈਣ। ਸਾਰੇ ਪੰਥ ਨੂੰ ਨਾਲ ਲੈਕੇ ਚੱਲ ਪੈਣ। ਇਸ ਦਿਸ਼ਾ ਵਿੱਚ ਭਾਈ ਹਰਪਰੀਤ ਸਿੰਘ ਨੇ ਕਾਫੀ ਸਰਗਰਮੀ ਵੀ ਕੀਤੀ। ਉਹ ਆਪ ਚੱਲ ਕੇ ਸਾਰੇ ਪੰਥਕ ਵਿਦਵਾਨਾਂ ਦੇ ਘਰ ਗਏ। ਉਨ੍ਹਾਂ ਨਾਲ ਪੰਥ ਨੂੰ ਦਰਪੇਸ਼ ਚੁਣੌਤੀਆਂ ਬਾਰੇ ਘੰਟਿਆਂ ਬੱਧੀ ਵਿਚਾਰ ਚਰਚਾ ਕੀਤੀ ਅਤੇ ਪੰਥਕ ਸ਼ਕਤੀ ਨੂੰ ਇੱਕ ਕੌਮੀ ਨਿਸ਼ਾਨ ਅਧੀਨ ਇਕੱਠੇ ਕਰਨ ਦੀ ਇੱਛਾ ਵੀ ਪਰਗਟਾਈ। ਜਿੱਥੇ ਆਪ ਨੇ ਵਾਰ ਵਾਰ ਖਾਲਸਾ ਪੰਥ ਦੁਆਲੇ ਘੇਰਾ ਘੱਤ ਰਹੀ ਬਿਪਰਨ ਕੀ ਰੀਤ ਨਾਲ ਜੁੜੀਆਂ ਹੋਈਆਂ ਸ਼ਕਤੀਆਂ ਨੂੰ ਬੇਪਰਦ ਕੀਤਾ ਉੱਥੇ ਖਾਲਸਾ ਜੀ ਦੀ ਰਾਜਸੀ ਪਰਵਾਜ਼ ਤੇ ਲੱਗੇ ਬੰਧਨਾ ਨੂੰ ਵੀ ਮਹਿਸੂਸ ਕੀਤਾ ਅਤੇ ਕੌਮ ਨੂੰ ਕਰਵਾਇਆ।

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪਰਕਾਸ਼ ਦਿਹਾੜੇ ਉੱਤੇ ਉਨ੍ਹਾਂ ਨੇ ਜੋ ਪਰਚਾ ਪੇਸ਼ ਕੀਤਾ ਉਹ ਖਾਲਸਾ ਜੀ ਦੇ ਦਰਦ ਦੀ ਗਹਿਰਾਈ ਦਾ ਸੁਬੋਲ ਰੂਪ ਸੀ। ਭਾਈ ਹਰਪਰੀਤ ਸਿੰਘ ਦੇ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਜੋਂ ਉਹ ਵਿਚਾਰ ਕੌਮ ਵਿੱਚ ਇੱਕ ਨਵੀਂ ਤਰੰਗ ਛੇੜਨ ਵਾਲੇ ਸਨ। ਕਈ ਦਹਾਕਿਆਂ ਤੋਂ ਬਾਅਦ ਕੌਮ ਨੇ ਉਸ ਰੁਹਾਨੀ ਪਰਵਾਜ਼ ਦਾ ਗੀਤ ਸੁਣਿਆ ਸੀ ਜਿਸ ਲਈ ਕੌਮ ਨੇ ਹੱਸ ਹੱਸ ਕੇ ਸ਼ਹਾਦਤਾਂ ਪਾਈਆਂ ਸਨ, ਘੋਰ ਤਸ਼ੱਦਦ ਝੱਲਿਆ ਸੀ ਅਤੇ ਅਣਗਿਣਤ ਕੁਰਕੀਆਂ ਅਤੇ ਜਲਾਵਤਨੀਆਂ ਭੋਗੀਆਂ ਸਨ।

ਇੱਥੋਂ ਤੱਕ ਕਿ ਇਸ ਸਾਲ ਜੂਨ ਮਹੀਨੇ ਜਦੋਂ ਭੂਤਰੇ ਹੋਏ ਹਿੰਦੂ ਪੱਤਰਕਾਰਾਂ ਨੇ ਜਥੇਦਾਰ ਸਾਹਿਬ ਨੂੰ ਮਾਨਸਕ ਤੌਰ ਤੇ ਡਰਾਉਣ ਅਤੇ ਕੌਮ ਦੀ ਚੇਤਨਾ ਵਿੱਚ ਮੁੜ ਤੋਂ ਦਹਿਸ਼ਤ ਦਾ ਮਹੌਲ ਸਿਰਜਣ ਦੇ ਮਨਸ਼ੇ ਨਾਲ ਇਹ ਪੁੱਛਿਆ ਕਿ ਖਾਲਿਸਤਾਨ ਬਾਰੇ ਤੁਹਾਡਾ ਕੀ ਵਿਚਾਰ ਹੈ ਤਾਂ ਭਾਈ ਹਰਪਰੀਤ ਸਿੰਘ ਨੇ ਪੂਰਨ ਬੇਬਾਕੀ ਨਾਲ ਕੌਮ ਦੇ ਜਜਬਿਆਂ ਦੀ ਤਰਜਮਾਨੀ ਕਰਦਿਆਂ, ਆਖਿਆ ਕਿ ਅਸੀਂ ਵੱਖਰਾ ਘਰ ਲੈਣ ਲਈ ਤਿਆਰ ਹਾਂ। ਇਸ ਤੋਂ ਪਹਿਲਾਂ ਕਈ ਦਹਾਕੇ ਕੌਮ ਅਜਿਹੀ ਦਿ੍ਰੜਤਾ ਸੁਣਨ ਨੂੰ ਤਰਸ ਰਹੀ ਸੀ।

ਖੈਰ ਪਿਛਲੇ ਦਿਨੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਜੋ ਵਾਪਰਿਆ ਅਤੇ ਭਾਈ ਹਰਪਰੀਤ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਸਾਹਮਣੇ ਬੈਠਾ ਦੇਖਕੇ ਜਿਸ ਕਿਸਮ ਦਾ,‘ਗਰਮਾ-ਗਰਮ’ ਭਾਸ਼ਨ ਦਿੱਤਾ ਉਸਨੇ ਜਿੱਥੇ ਜਥੇਦਾਰ ਸਾਹਿਬ ਦੀ ਟੁੱਟੀ ਹੋਈ ਸਿਧਾਂਤਕ ਲੈਅ ਦੇ ਦਰਸ਼ਨ ਕਰਵਾਏ ਉਥੇ ਉਨ੍ਹਾਂ ਕੌਮ ਦੇ ਵੱਡੇ ਹਿੱਸੇ ਤੋਂ ਇਸ ਮਿਹਣੇ ਦਾ ਕਲੰਕ ਵੀ ਖੱਟ ਲਿਆ ਕਿ ਆਖਰ ਉਹ ਵੀ ਬਾਦਲਾਂ ਦੇ ਹੀ ਜਥੇਦਾਰ ਨਿਕਲੇ।

ਮੰਜੀ ਸਾਹਿਬ ਦੀਵਾਨ ਹਾਲ ਵਿੱਚ ਭਾਈ ਹਰਪਰੀਤ ਸਿੰਘ ਦੀ ਮਾਨਸਕ ਅਤੇ ਸਰੀਰਕ ਦਸ਼ਾ ਤਾਲੋਂ ਬੇਤਾਲ ਹੋਈ ਪਈ ਸੀ। ਉਨ੍ਹਾਂ ਤੋਂ ਅਕਾਲ ਤਖਤ ਦਾ ਰੁਹਾਨੀ ਰੰਗ ਲਹਿ ਗਿਆ ਲਗਦਾ ਸੀ ਅਤੇ, ਪਟੜੀ ਤੋਂ ਲੱਥੇ ਹੋਏ ਅਕਾਲੀ ਦਲ (ਗੁੰਡਾ-ਗਰੋਹ) ਦਾ ਰੰਗ ਚੜਿ੍ਹਆ ਲਗਦਾ ਸੀ। ਉਹ ਭਾਈ ਹਰਪਰੀਤ ਸਿੰਘ ਵੱਜੋਂ ਨਹੀ ਬਲਕਿ ਸੁਖਬੀਰ ਸਿੰਘ ਬਾਦਲ ਵੱਜੋਂ ਬੋਲ ਰਹੇ ਸਨ ਜੋ ਹਰ ਵਿਰੋਧੀ ਨੂੰ ਡਾਂਗ ਅਤੇ ਬੰਦੂਕ ਨਾਲ ਲੋਟ ਕਰਨ ਦੀ ਮਨਸ਼ਾ ਰੱਖਦਾ ਹੈੈੈ।

ਇੱਕ ਵਾਰ ਫਿਰ ਕੌਮ ਦੀਆਂ ਲੱਖਾਂ ਉਮੀਦਾਂ ਟੁੱਟ ਗਈਆਂ ਹਨ। ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਉੱਤੇ ਖਾਲਸਾ ਪੰਥ ਦਾ ਜੋ ਵਿਸ਼ਵਾਸ਼ ਬਣਿਆ ਸੀ ਉਹ ਭਾਈ ਹਰਪਰੀਤ ਸਿੰਘ ਨੇ ਇੱਕੋ ਭਾਸ਼ਣ ਨਾਲ ਤੋੜ ਦਿੱਤਾ ਹੈੈ। ਭਾਈ ਹਰਪਰੀਤ ਸਿੰਘ ਨੇ ਉਸ ਦਿਨ ਪੰਥਕ ਨੌਜਵਾਨਾਂ ਨੂੰ ਗੋਲੀਆਂ ਮਾਰਨ ਵਾਲੇ ਅਤੇ ਹਜਾਰਾਂ ਸਿੱਖਾਂ ਦੇ ਕਾਤਲ ਪੁਲਸ ਅਫਸਰਾਂ ਨੂੰ ਪੰਜਾਬ ਦੇ ਚੌਧਰੀ ਬਣਾਉਣ ਵਾਲੇ ਅਕਾਲੀਆਂ ਲਈ ਜੀਵਨਦਾਨ ਮੰਗਣ ਦਾ ਆਖਰੀ ਤਰਲਾ ਮਾਰਿਆ। ਉਨ੍ਹਾਂ ਦੇ ਇਸ ਭਾਸ਼ਣ ਨਾਲ ਅਕਾਲੀਆਂ ਨੂੰ ਕੋਈ ਫਾਇਦਾ ਹੋਵੇਗਾ ਜਾਂ ਨਹੀ ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਨ ਨੂੰ ਵੱਟਾ ਜਰੂਰ ਲੱਗਾ ਹੈੈ।

ਵਾਹਿਗੁਰੂ ਭਲੀ ਕਰਨ-ਕੌਮ ਨੂੰ ਸਹੀ ਰਾਹ ਅਤੇ ਸਹੀ ਲੀਡਰਸ਼ਿੱਪ ਦੀ ਦਾਤ ਬਖਸ਼ਣ।

Ref : Naujawani.com

Leave a Reply

Your email address will not be published. Required fields are marked *